
ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਦਿੱਤੀ ਚਿਤਾਵਨੀ…
ਜਲੰਧਰ/ਬਰਨਾਲਾ (ਜਾਗਰੂਕ ਪੰਜਾਬ) : ਸਿਹਤ ਵਿਭਾਗ ਵਿੱਚ ਯੋਗ ਪ੍ਣਾਲੀ ਰਾਹੀ ਭਰਤੀ ਕੀਤੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ ਪੰਦਰ੍ਹਾਂ ਵੀਹ ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੱਤਾ ਦੇ ਨਸ਼ੇ ਵਿੱਚ ਆਪਣੇ ਵਾਅਦਿਆ ਭੱਜਦੀ ਨਜ਼ਰ ਆ ਰਹੀ ਹੈ । ਜਲੰਧਰ ਵਿਖੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਪੰਖੁਡ਼ੀ ਨੇ ਦੱਸਿਆ ਕਿ ਐਨ.ਐਚ.ਐਮ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਦੇ ਸਬੰਧ ਵਿੱਚ ਪਹਿਲਾਂ ਵਾਂਗ ਪੰਜਾਬ ਸਰਕਾਰ ਨੇ ਪਿਛਲੇ ਲਗਭਗ ਸਾਢੇ ਚਾਰ ਸਾਲਾਂ ਤੋਂ ਲਾਰੇਬਾਜੀ ਅਤੇ ਡੰਗ ਟਪਾਊ ਨੀਤੀ ਅਪਣਾਉਂਦਿਆਂ ਐਨ.ਐਚ.ਐਮ ਕਰਮਚਾਰੀਆਂ ਨੂੰ ਹਰ ਵਾਰ ਅੱਖੋਂ ਪਰੋਖੇ ਕੀਤਾ ਹੈ। ਜਿਸ ਕਾਰਨ ਸਮੂਹ ਐਨ ਐਚ ਐਮ ਮੁਲਾਜ਼ਮਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਦੀ ਇਸੇ ਬੇਰੁਖੀ ਕਾਰਨ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਰੋਸ਼ ਵਜੋਂ 15 ਅਗਸਤ 2026 ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਵਿਰੁੱਧ ਫਿਰੋਜ਼ਪੁਰ ਵਿਖੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਕਰੜੇ ਸ਼ਬਦਾਂ ਚ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਪਭ ਸਾਢੇ ਚਾਰ ਸਾਲ ਬੀਤ ਜਾਣ ਮਗਰੋਂ ਵੀ ਨੈਸਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਇੱਕ ਵੀ ਰੂਪਏ ਦਾ ਵਾਧਾ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਵਾਰ ਵਾਰ ਮਿੱਠੀਆਂ ਗੋਲੀਆਂ ਦੀ ਤਰ੍ਹਾਂ ਮੀਟਿੰਗ ਮਿਲਦੀਆ ਹਨ ਤੇ ਵਿਭਾਗ ਅਤੇ ਸਰਕਾਰ ਮੰਗਾਂ ਨੂੰ ਵਾਰ ਵਾਰ ਅਣਗੋਲਿਆਂ ਕਰ ਰਹੀ ਹੈ। ਜਿਸ ਕਾਰਨ ਯੂਨੀਅਨ ਨੂੰ ਸੰਘਰਸ਼ ਦੀ ਤਿੱਖੀ ਰੂਪਰੇਖਾ ਕਰਨ ਲਈ ਮਜਬੂਰ ਹੋਣਾ ਪਿਆ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ 15 ਅਗਸਤ ਤੱਕ ਕੋਈ ਹੰਗਾਮੀ ਮੀਟਿੰਗ ਬੁਲਾ ਕੇ ਸਾਡੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਨੋਟੀਫਿਕੇਸ਼ਨ ਦੇ ਰੂਪ ਚ ਨਹੀਂ ਲੈ ਕੇ ਆਉਦੀ ਤਾਂ ਉਹ ਰੈਲੀ ਤੋਂ ਤੁਰੰਤ ਬਾਅਦ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ। ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਜੀ ਕਿਹਾ ਕਿ ਜਿੱਥੇ ਸਾਰਾ ਦੇਸ ਆਜ਼ਾਦੀ ਦਿਵਸ ਨੂੰ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ ਉੱਥੇ ਹੀ ਐਨ ਐਚ ਐਮ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਦੀ ਗੁਲਾਮੀ ਦੀਆਂ ਜੰਜੀਰਾਂ ਚ ਜਕੜਿਆ ਹੋਇਆ ਨੂੰ ਇਸ ਠੇਕਾ ਪ੍ਰਥਾ ਦੀ ਗੁਲਾਮੀ ਚੋਂ ਬਾਹਰ ਨਿਕਲਣਾ ਦੀ ਉਮੀਦ ਲਗਭਗ ਇਸ ਸਰਕਾਰ ਨੇ ਖ਼ਤਮ ਕਰ ਦਿੱਤੀ ਹੈ, ਇਸ ਕਰਕੇ ਹੀ ਸਾਨੂੰ ਇਸ ਗੁਲਾਮੀ ਪ੍ਰਥਾ ਨੂੰ ਖ਼ਤਮ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਡਾ. ਪੰਖੁੜੀ ਜਲੰਧਰ ਨੇ ਕਿਹਾ ਕਿ ਸਮੁੱਚੇ ਐਨ ਐਚ ਐਮ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਸਿਹਤ ਕ੍ਰਾਂਤੀ ਦੇ ਨਾਅਰੇ ਤਹਿਤ ਆਪਣੀਆਂ ਸਿਹਤ ਸੇਵਾਵਾ ਨੂੰ ਲੋਕਾਂ ਤੱਕ ਅਸਲੀ ਰੂਪ ਚ ਪਹੁੰਚਾਉਣ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਜਾਂਦੀ ਹੈ, ਪਰੰਤੂ ਸਰਕਾਰ ਵੱਲੋਂ ਸਾਡੀਆਂ ਹੱਕੀ ਮੰਗਾਂ ਨੂੰ ਪੂਰਾ ਨਾ ਕਰਦੇ ਹੋਏ ਸਾਡੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਯੂਨੀਅਨ ਦੇ ਮੁੱਖ ਆਗੂ ਗੁਰਪ੍ਰੀਤ ਭੁੱਲਰ ਮੁਕਤਸਰ ਸਾਹਿਬ ਅਤੇ ਡਾਕਟਰ ਵਾਹਿਦ ਜੀ ਮਲੇਰਕੋਟਲਾ ਨੇ ਕਿਹਾ ਸਰਕਾਰ ਨੂੰ ਸਮੂਹ ਮੁਲਾਜ਼ਮਾਂ ਨੂੰ ਇਸ ਠੇਕਾ ਪ੍ਰਥਾ ਦੀ ਦੀ ਬੰਧੂਆ ਮਜ਼ਦੂਰੀ ਤੋਂ ਰਾਹਤ ਦਿੰਦੇ ਹੋਏ ਤੁਰੰਤ ਐਨ ਐਚ ਐਮ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਤਨਖ਼ਾਹਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ। ਅਤੇ ਨਾਲ ਹੀ ਗ੍ਰੇਚੁਟੀ ਅਤੇ ਉਮਰ ਹੱਦ ਵਾਧੇ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਰਕ ਸਰਕਾਰ ਅਤੇ ਵਿਭਾਗ ਹੁਣ ਵੀ ਸਾਡੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਉਹ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਜੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਦੇ ਹੋਏ ਫਿਰੋਜ਼ਪੁਰ ਸ਼ਹਿਰ ਦੀਆਂ ਸੜਕਾਂ ਤੇ ਰੋਸ ਮਾਰਚ ਕਰਨਗੇ। ਸੋ ਸਰਕਾਰ ਨੂੰ ਤੁਰੰਤ ਸਾਡੀਆਂ ਹੱਕੀ ਮੰਗਾਂ ਨੂੰ ਮੰਨਦੇ ਹੋਏ ਪੂਰਾ ਕਰਨਾ ਚਾਹੀਦਾ ਹੈ। ਇਸ ਮੋਕੇ ਤੇ ਗੁਲਸ਼ਨ ਜੀ ਫਰੀਦਕੋਟ, ਦਿਨੇਸ ਜੀ ਪਟਿਆਲਾ, ਮੈਡਮ ਕਿਰਨ ਮੋਹਾਲੀ, ਜਗਦੇਵ ਸਿੰਘ ਮਾਨਸਾ, ਜਸ਼ਨ ਫਤਿਹਗੜ੍ਹ ਸਾਹਿਬ, ਡਾਕਟਰ ਸਿਮਰਪਾਲ ਮੋਗਾ, ਡਾਕਟਰ ਪੰਖੜੀ ਜੀ ਜਲੰਧਰ, ਡਾਕਟਰ ਸ਼ਿਵਰਾਜ ਲੁਧਿਆਣਾ, ਜਸਵੀਰ ਜੀ ਤਰਨਤਾਰਨ, ਤੁਰਣਜੀਤ ਜੀ ਹੁਸ਼ਿਆਰਪੁਰ , ਰਣਜੀਤ ਕੋਰ ਬਠਿੰਡਾ, ਦੀਪਿਕਾ ਜੀ ਪਠਾਨਕੋਟ, ਦਵਿੰਦਰ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ, ਅਮਨਦੀਪ ਕੌਰ ਨਵਾ ਸ਼ਹਿਰ , ਆਦਿ ਆਗੂ ਹਾਜਰ ਸਨ।




